ਆਮਤੌਰ ਦੇ ਵੇਖਿਆ ਗਿਆ ਹੈ ਕਿ ਕਿਸਾਨ ਕਾਲ ਸੈਂਟਰ ਜ਼ਿਆਦਾਤਰ ਖੇਤੀਬਾੜੀ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਪ੍ਰਦਾਨ ਕਰਦੇ ਹਨ ਅਤੇ ਇਨ੍ਹਾਂ ਸੈਂਟਰਾਂ ਵਿੱਚ ਖੇਤੀਬਾੜੀ ਮਾਹਿਰ ਜ਼ਿਆਦਾ ਭਰਤੀ ਕੀਤੇ ਜਾਂਦੇ ਹਨ। ਪਸ਼ੂ ਪਾਲਣ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਵੀ ਖੇਤੀਬਾੜੀ ਮਾਹਿਰਾਂ ਨੂੰ ਦੇਣੇ ਪੈਂਦੇ ਹਨ। ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਵੱਲੋਂ ਇਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਪਸ਼ੂ ਪਾਲਕਾਂ ਲਈ ਉਚੇਚੇ ਤੌਰ ਤੇ ਕਾਲ ਸੈਂਟਰ ਬਣਾਇਆ ਗਿਆ ਹੈ। ਇਸ ਉਪਰਾਲੇ ਦਾ ਨਾਮ "ਪਸ਼ੂ ਪਾਲਕ ਟੈਲੀ-ਐਡਵਾਇਜ਼ਰੀ ਕੇਂਦਰ" ਰੱਖਿਆ ਗਿਆ ਹੈ ਅਤੇ ਇਸ ਦੀ ਸਿਰਜਣਾ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (NABARD) ਦੀ ਵਿੱਤੀ ਸਹਾਇਤਾ ਨਾਲ ਕੀਤੀ ਗਈ ਹੈ। ਪਸ਼ੂ ਪਾਲਕ ਸੋਮਵਾਰ ਤੋਂ ਸ਼ਨੀਵਾਰ ਸਵੇਰੇ 09:00 ਵਜੇ ਤੋਂ ਲੈਕੇ ਸ਼ਾਮ 05:00 ਵਜੇ ਤੱਕ ਕਿਸੇ ਵੀ ਫੋਨ ਦੀ ਵਰਤੋਂ ਕਰਕੇ 62832-58834 ਜਾਂ 62832-97919 ਨੰਬਰ ਮਿਲਾ ਕੇ ਪਸ਼ੂ ਪਾਲਣ ਨਾਲ ਸੰਬੰਧਿਤ ਜਾਣਕਾਰੀ ਅਤੇ ਸਲਾਹ ਲੈ ਸਕਦੇ ਹਨ।
ਇਨ੍ਹਾਂ ਸਮਿਆਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਪਸ਼ੂ ਪਾਲਕ ਇਸ ਐਪ ਦੀ ਵਰਤੋਂ ਕਰ ਪਸ਼ੂ ਪਾਲਣ ਦੇ ਵੱਖ ਵੱਖ ਵਿਸ਼ਿਆਂ ਅਤੇ ਪਿਹਲੂਆਂ ਬਾਰੇ ਜਾਣਕਾਰੀ ਲੈ ਸਕਦੇ ਹਨ। ਇਸ ਐਪ ਵਿੱਚ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਮਾਹਿਰਾਂ ਵੱਲੋਂ ਜਵਾਬ ਲਿਖੇ ਗਏ ਹਨ। ਇਸਦੇ ਅਲਾਵਾ ਪਸ਼ੂ ਪਾਲਣ ਨਾਲ ਸੰਬੰਧਿਤ ਮਹੀਨਾਵਾਰ ਸਿਫਾਰਸ਼ਾਂ ਵੀ ਮੁਹਈਆ ਕਾਰਵਾਈਆਂ ਗਈਆਂ ਹਨ। ਇਸ ਐਪ ਵਿੱਚ ਵੈਟਨਰੀ ਯੂਨੀਵਰਸਿਟੀ ਵੱਲੋਂ ਬਣਾਈਆਂ ਗਈਆਂ ਸੂਚਨਾ ਅਤੇ ਸੰਚਾਰ ਤਕਨਾਲੋਜੀਆਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਅਸੀਂ ਆਸ ਕਰਦੇ ਹਾਂ ਕੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਇਸ ਨਿਵੇਕਲੇ ਉਪਰਾਲੇ ਦਾ ਪਸ਼ੂ ਪਾਲਕ ਅਤੇ ਹੋਰ ਚਾਹਵਾਨ ਵੀਰ ਭਰਪੂਰ ਲਾਹਾ ਲੈਣਗੇ।